Wednesday, September 30, 2009

Muddat baad .. !

Muddat baad milya te
puch lya mera naa uhne

Jehne wichdan lagya akhya c
tu bda e yaad awega mainu

ਜਦ ਤੂੰ ਮਿਲਿਆ ਸੈਂ ..

ਜਦ ਤੂੰ ਮਿਲਿਆ ਸੈਂ ..

ਜਦ ਤੂੰ ਮਿਲਿਆ ਸੈਂ
ਸਾਇਦ ਉਹ ਬਹਾਰਾਂ ਦੀ ਰੁੱਤ ਸੀ,
ਢਲਦੇ ਸਿਆਲ ਦੀ ਕੋਸੀ ਕੋਸੀ ਧੁੱਪ 'ਚ,
ਮੇਰੀ ਬਾਂਹ ਫੜ ਤੂੰ ਮੈਨੂੰ, ਪੱਤਝੜ ਤੋਂ 'ਚੇਤਰ' ਵੱਲ ਲੈ ਗਿਐ ਸੈਂ
ਮਖਮਲੀ ਖਿਆਲਾਂ ਵਿੱਚ,
ਤੇਰਾ ਜਿਕਰ ਮੇਰੇ ਸਾਹੀਂ ਸੁਗੰਧੀਆਂ ਪਿਆ ਘੋਲਦੈ ।

ਤੇ ਜਦ ਤੂੰ ਜੁਦਾ ਹੋਇਓਂ
ਤਾਂ ਇੰਝ ਲੱਗਾ ਜਿਵੇਂ ਮੇਰੇ ਕੋਮਲ ਹੱਥਾਂ ਦੀ ਨਾਜੁਕ ਪਕੜ 'ਚੋਂ
ਆਪਣਾ ਪੱਲੂ ਛੁਡਾ,
ਮੈਨੂੰ 'ਦੋਜ਼ਖਾਂ' ਦੀ ਅੱਗ ਵਿੱਚ ਸੁੱਟ ਗਿਆ ਹੋਵੇਂ ।

ਕਿੰਨਾਂ ਫਰਕ ਹੰਦੈ.....
'ਅੱਗ' ਤੇ 'ਚੇਤਰ' ਵਿੱਚ.....
ਜਿਵੇਂ ਤੇਰੇ ਤੇ ਮੇਰੇ ਵਿੱਚਕਾਰ
ਦੂਰੀਆਂ ਦਾ ਇੱਕ ਖਲਾਅ ਹੋਵੇ ।

ਤੂੰ ਹੁਣ ਨਾ ਆਵੀਂ ਅੜਿਆ.....
ਹੁਣ ਮੇਰੇ ਦਿਲ ਦੀ ਧਰਾਤਲ 'ਤੇ,
ਪਿਆਰ ਦੇ ਅੰਕੁਰ ਨਾ ਫੁੱਟਣੇ...,
ਨਾ ਹੀ ਸੰਗ ਨਾਲ ਹੁਣ ਮੇਰਾ ਚਿਹਰਾ ਲਾਲ ਹੁੰਦਾ ਏ ।

ਉਝ ਤਾਂ ਹੁਣ ਮੈਂ ਵੀ ਉਜਾੜ ਜਿੰਦਗੀ ਤੋਂ ਅੱਕ ਗਈ ਆਂ,
ਖੋਰੇ ਓ ਕਿਹੜੀ ਚੇਸਟਾ ਏ...
ਜੋ ਅੱਜ ਤਾਈਂ, ਮੇਰੀ ਖੁਦਕੁਸ਼ੀ ਦੇ ਰਾਹ ਵਿੱਚ ਔਕੜ ਬਣ ਜਾਂਦੀ ਏ।
ਸਾਇਦ ਇਹ ਤੇਰੀ ਯਾਦ ਦਾ ਇਕ ਪਾਰਦਰਸ਼ੀ ਹਿੱਸਾ ਏ ....
ਜਿਹੜਾ ਮੇਰੇ ਦਿਲ ਦੇ ਸੀਸੇ ਚੋਂ ਪਿਆ ਦਿਸਦਾ ਏ।

ਕਿਵੇਂ ਛੁਡਾਵਾਂ ਖਹਿੜਾ,
ਤੇਰੀਆਂ ਬਿਹਬਲ ਯਾਦਾਂ ਤੋਂ
ਮਨ 'ਚ ਉਡੀਕ ਰਹਿੰਦੀ ਏ ਕਿਸੇ ਹੋਰ ਚੇਤਰ ਦੀ.....
ਸੋਚਦੀ ਆਂ ਮੇਰੇ ਈ ਘਰ ਬਹਾਰ ਕਿਉਂ ਨਾ ਆਉਦੀ...

ਹਾਏ...! ਕੀ ਖੱਟਿਐ ਮੈਂ,
ਕਲੀਰਿਆਂ ਦੀ ਕੈਦ ਚੋਂ ਛੁੱਟ ਕੇ,
ਵਿਛੋੜਿਆਂ ਦੀ ਕਾਲ ਕੋਠੜੀ ਚ ਆ ਬੈਠੀ ਆਂ
ਸੋਗੀ ਪੀੜਾਂ,
ਮੇਰੇ ਹੱਡਾਂ ਨੂੰ ਪਈਆਂ ਖਾਂਦੀਆਂ ਨੇ...

ਜਦ ਤੂੰ ਮਿਲਿਆ ਸੈਂ
ਸਾਇਦ ਉਹ ਬਹਾਰਾਂ ਦੀ ਰੁੱਤ ਸੀ,
ਹੁਣ ਮੇਰੇ ਚਿਹਰੇ ਤੇ ਪਤਝੜ ਤੋਂ ਸਿਵਾ ਕੁਝ ਨਹੀਂ ਏ...
ਕੁਝ ਵੀ ਤਾਂ ਨਹੀਂ ਏ .....

ਜਦ ਤੂੰ ਮਿਲਿਆ ਸੈਂ
ਸਾਇਦ ਉਹ ਬਹਾਰਾਂ ਦੀ ਰੁੱਤ ਸੀ।

......ਰੋਜੀ ਸਿੰਘ.....